Sunday, February 6, 2011

ਪੰਜਾਬ ਦਾ ਸਿਆਸੀ ਮਾਹੌਲ ਅਤੇ ਲੋਕ

ਪੰਜਾਬੀ ਟ੍ਰਿਬਿਊਨ

5 ਫਰਵਰੀ 2011 -ਕੁਲਵਿੰਦਰ ਬੱਛੋਆਣਾ

ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਮਾਹੌਲ ਦਾ ਮਘਣਾ ਆਮ ਗੱਲ ਹੈ। ਇਹ ਬਰਸਾਤੀ ਡੱਡੂਆਂ ਦੇ ‘ਏ.ਸੀ. ਖੱਡਾਂ’ ਵਿਚੋਂ ਬਾਹਰ ਨਿਕਲ ਕੇ ‘ਧਰਤੀ’ ‘ਤੇ ਆਉਣ ਦਾ ਸਮਾਂ ਹੁੰਦਾ ਹੈ। ਇਸ ਵਾਰ ਵੱਖਰੀ ਗੱਲ ਇਹ ਹੋ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਲਗਪਗ 13 ਮਹੀਨੇ ਪਹਿਲਾਂ ਸਿਆਸੀ ਦ੍ਰਿਸ਼ ਤੇਜ਼ੀ ਨਾਲ ਰੰਗ ਬਦਲਣ ਲੱਗਿਆ ਹੈ। ਇਹ ਕੁਝ ਨਾ ਕੁਝ ਬਦਲਾਅ ਦਾ ਸੂਚਕ ਹੈ। ਇਸ ਬਦਲਾਅ ਦੀ ਦਿਸ਼ਾ ਚੋਣਾਂ ਹੀ ਤੈਅ ਕਰਨਗੀਆਂ।

ਸੱਤਾਧਾਰੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੱਤਾ ਵਿਚ ਆਉਣ ਦਾ ਰੁਝਾਨ ਅਜੇ ਪੰਜਾਬ ਵਿਚ ਨਹੀਂ ਹੈ। ਭਾਰਤ ਦੇ ਹੋਰਨਾਂ ਰਾਜਾਂ ਵਿਚ ਵੀ ਅਜਿਹਾ ਘੱਟ ਹੀ ਵਾਪਰਦਾ ਹੈ। ਗੁਆਂਢੀ ਰਾਜ ਹਰਿਆਣਾ ਨੇ ਆਪਣਾ ਚੋਣ ਇਤਿਹਾਸ ਬਦਲ ਦਿੱਤਾ ਹੈ। ਹੁਣ ਬਿਹਾਰ ਵਿਚ ਵੀ ਅਜਿਹਾ ਹੀ ਵਾਪਰਿਆ ਹੈ। ਇਸ ਨਾਲ ਪੰਜਾਬ ਕਾਂਗਰਸ ਤਾਂ ਅੰਦਰੋ ਅੰਦਰੀ ਡਰ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਨ ਵਿਚ ਜ਼ਰੂਰ ਲੱਡੂ ਫੁੱਟਣ ਲੱਗੇ ਹਨ। ਅਕਾਲੀ ਦਲ ਨੇ ਸੱਤਾ ਦੇ ਇਤਿਹਾਸ ਨੂੰ ਬਦਲਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਦਘਾਟਨਾਂ ਦੀ ਹਨੇਰੀ ਆਈ ਪਈ ਹੈ। ਅਖਬਾਰਾਂ ਵਿਚ ਸਰਕਾਰ ਦੇ ‘ਵਿਕਾਸ ਕਾਰਜਾਂ’ ਦੇ ਇਸ਼ਤਿਹਾਰ ਨਿੱਤ ਦਿਹਾੜੇ ਛਪ ਰਹੇ ਹਨ। ਚੋਣਾਂ ਵਿਕਾਸ ਦੇ ਨਾਂ ‘ਤੇ ਲੜਨ ਦੇ ਐਲਾਨ ਕੀਤੇ ਜਾ ਰਹੇ ਹਨ। ‘ਪਾਰਟੀ ਵਿਰੋਧੀਆਂ’ ‘ਤੇ ਸਖ਼ਤ ‘ਅਨੁਸ਼ਾਸਨ’ ਲਾਗੂ ਹੈ। ਪਾਰਟੀ ਮਨਪ੍ਰੀਤ ਸਿੰਘ ਬਾਦਲ ਨੂੰ ਕੱਢਣ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਭਰਨ ਲਈ ਵੀ ਯਤਨ ਕਰ ਰਹੀ ਹੈ। ਸੁਖਬੀਰ ਬਾਦਲ ਲਈ ਆਉਣ ਵਾਲੀਆਂ ਚੋਣਾਂ ‘ਇਮਤਿਹਾਨ ਦੀ ਘੜੀ’ ਹਨ।

ਸਾਢੇ ਤਿੰਨ ਸਾਲਾਂ ਦੀ ਨੀਂਦ ਪੂਰੀ ਕਰਨ ਤੋਂ ਬਾਅਦ ਵਿਰੋਧੀ ਧਿਰ ਦੀ ‘ਜਾਗ ਖੁੱਲ੍ਹੀ’ ਹੈ। ਕੈਪਟਨ ਸਾਹਿਬ ਹੁਣ ਤਿਮਾਹੀ-ਛਿਮਾਹੀ ਦੀ ਥਾਂ ਹਫਤਾਵਰੀ ਬਿਆਨ ‘ਦਾਗਣ’ ਲੱਗੇ ਹਨ। ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਗੀ ਸੁਰਾਂ ਫੇਰ ‘ਰੰਗ ਵਿਚ ਭੰਗ’ ਪਾ ਦਿੰਦੀਆਂ ਹਨ। ਕਾਂਗਰਸ ਕੋਲ ਵੀ ਲੋਕ-ਹਿੱਤਾਂ ਵਾਲਾ ਕੋਈ ਨਵਾਂ ਪ੍ਰੋਗਰਾਮ ਨਹੀਂ। ਨਾ ਹੀ ਕੋਈ ਚੋਣ ਮੁੱਦਾ ਹੈ। ਇਹ ਸਿਰਫ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਂਗ ਆਪਣੀ ‘ਵਾਰੀ’ ਦੀ ਉਡੀਕ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ‘ਨਿਧੜਕ’ ਹੋਣ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਉਹ ਤੀਜੇ ਬਦਲ ਦੀ ਸੰਭਾਵਨਾ ਨੂੰ ਵੀ ਮੁੱਢੋਂ ਨਕਾਰ ਚੁੱਕੇ ਹਨ। ਨਕਾਰਨ ਵੀ ਕਿਉਂ ਨਾ, ਅਜਿਹਾ ਬਦਲ ਸਥਾਪਿਤ ਪਾਰਟੀਆਂ ਲਈ ਤਾਂ ਅਸ਼ੁੱਭ ਹੀ ਹੋਵੇਗਾ।

ਤੀਜੀ ਧਿਰ ਦੀ ਉਡੀਕ ਦਹਾਕਿਆਂ ਤੋਂ ਹੈ। ਜੋ ਅਜੇ ਤੱਕ ਉਡੀਕ ਹੀ ਬਣੀ ਹੋਈ ਹੈ। ਸੱਤਾਧਾਰੀ ਅਕਾਲੀ ਦਲ ਤੋਂ ਬਿਨਾਂ ਬਾਕੀ ਅਕਾਲੀ ਦਲਾਂ ਨੂੰ ਲੋਕ ‘ਮੂੰਹੋਂ ਲਾਹ’ ਚੁੱਕੇ ਹਨ। ਖੱਬੀਆਂ ਪਾਰਟੀਆਂ ਦਾ ਅਧਾਰ ਲਗਪਗ ਖਤਮ ਹੋ ਚੁੱਕਿਆ ਹੈ। ਇਨਕਲਾਬੀ ਖੱਬੇ-ਪੱਖੀ ਅਜੇ ਲੋਕ ਲਹਿਰ ਬਣਾਉਣ ਵਿਚ ਸਫਲ ਨਹੀਂ ਹੋਏ। ਬਲਵੰਤ ਸਿੰਘ ਰਾਮੂਵਾਲੀਆ ਦੀ ਪਾਰਟੀ ਦੇ ਏਜੰਡੇ ‘ਤੇ ਸ਼ਾਇਦ ਵਿਦੇਸ਼ਾਂ ਵਿਚ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੇ ਪੰਜਾਬੀ ਹੀ ਹਨ। ਹਾਂ, ਸੁਰਜੀਤ ਸਿੰਘ ਬਰਨਾਲਾ ਦੀ ਰਾਜਨੀਤੀ ਵਿਚ ਵਾਪਸ ਆਉਣ ਦੀ ਖ਼ਬਰ ਤੀਜੇ ਬਦਲ ਲਈ ਸ਼ੁਭ ਸੰਕੇਤ ਹੈ। ਮਨਪ੍ਰੀਤ ਸਿੰਘ ਬਾਦਲ ਇਸ ਦਾ ਅਧਾਰ ਤਿਆਰ ਕਰ ਸਕਦੇ ਹਨ। ਸਥਾਪਤ ਧਿਰਾਂ ਦੇ ਆਗੂਆਂ ਵਾਂਗ ਉਭਰਨ ਲਈ ਉਨ੍ਹਾਂ ਨੂੰ ਕਰੜੀ ਮਿਹਨਤ ਕਰਨੀ ਪੈਣੀ ਹੈ। ਉਨ੍ਹਾਂ ਦਾ ਸਾਫ-ਸੁਥਰਾ ਅਕਸ ਜਾਗਰਿਤ ਵੋਟਰ ‘ਤੇ ਲਾਜ਼ਮੀ ਅਸਰ ਪਾਵੇਗਾ।

ਚੌਥੀ ਧਿਰ ਲੋਕ ਹਨ, ਜੋ ਹਰ ਵਾਰ ਦੀਆਂ ਚੋਣਾਂ ਵਿਚ ਹਾਰ ਜਾਂਦੇ ਹਨ। ਇਤਿਹਾਸ ਤੋਂ ਕੋਈ ਸਬਕ ਨਾ ਸਿੱਖਦੇ ਹੋਏ ਉਹ ਇਸ ਵਾਰ ਦੀਆਂ ਚੋਣਾਂ ਵਿਚ ਵੀ ਆਪਣੀ ਕਿਸਮਤ ਬਦਲਣ ਦਾ ਭਰਮ ਪਾਲੀ ਬੈਠੇ ਹਨ। ਕੁਝ ਤੀਜੇ ਬਦਲ ਦੀ ਉਡੀਕ ਵਿਚ ਬੁੱਢੇ ਹੋਣ ਵਾਲੇ ਹਨ। ਉਂਝ ਜੇ ਕੋਈ ਤੀਜਾ ਬਦਲ ਆ ਵੀ ਜਾਵੇ, ਤਾਂ ਵੀ ਕੋਈ ‘ਧਮਾਕਾ’ ਨਹੀਂ ਹੋਣ ਲੱਗਿਆ। ਫਿਰ ਸ਼ਾਇਦ ਲੋਕ ‘ਚੌਥੇ ਬਦਲ’ ਦੀ ਉਡੀਕ ਕਰਨਗੇ। ਹਾਂ, ਮਨਪ੍ਰੀਤ ਬਾਦਲ ਦੇ ‘ਨਵੇਂ ਬਦਲ’ ਸਬੰਧੀ ਜ਼ਰੂਰ ਗੱਲ ਕਰਨੀ ਬਣਦੀ ਹੈ। ਕੁਝ ਬੁੱਧੀਜੀਵੀ ਅਤੇ ‘ਲੇਖਕ’ ਮਨਪ੍ਰੀਤ ਬਾਦਲ ਦੀ ਸੰਭਾਵੀ ਚੋਣ ਸਫਲਤਾ ਨੂੰ ‘ਇਨਕਲਾਬ’ ਸਮਝ ਬੈਠੇ ਹਨ। ਹੋ ਸਕਦਾ ਹੈ ਉਹ ਉਨ੍ਹਾਂ ਦੀ ਖੱਬੇ-ਪੱਖੀ ਨੁਮਾ ਸ਼ਬਦਾਵਲੀ ਸੁਣ ਕੇ ਚੱਕਰ ਖਾ ਗਏ ਹੋਣ। ਉਂਝ ਉਹ ਆਪਣੇ ਪੱਖ ਵਿਚ ਮਨਪ੍ਰੀਤ ਬਾਦਲ ਦੇ ਸੂਝਵਾਨ, ਇਮਾਨਦਾਰ ਅਤੇ ‘ਤਿਆਗੀ’ ਹੋਣ ਦਾ ਤਰਕ ਦਿੰਦੇ ਹਨ। ਉਹ ਸਮੱਸਿਆ ਦੀ ਜੜ੍ਹ ਲੱਭਣ ਵਿਚ ਨਾਕਾਮ ਹਨ। ਇਕ ਇਮਾਨਦਾਰ ਆਗੂ ਮੌਜੂਦਾ ਢਾਂਚੇ ਵਿਚ ਮਾਮੂਲੀ ਸੁਧਾਰਾਂ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ। ਤੇ ਕਈ ਵਾਰ ਤਾਂ ਉਹ ਵੀ ਨਹੀਂ ਹੋ ਪਾਉਂਦੇ। ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਲੋਕਾਂ ਨੂੰ ਬੜੀਆਂ ਆਸਾਂ ਸਨ ਪਰ ਹੋਇਆ ਇਸ ਦੇ ਉਲਟ। ਦੇਸ਼ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ। ਬਰਾਕ ਉਬਾਮਾ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਸੰਸਾਰ ਦੇ ਬੁੱਧੀਜੀਵੀਆਂ ਨੂੰ ਉਨ੍ਹਾਂ ਤੋਂ ਬੜੀਆਂ ਉਮੀਦਾਂ ਸਨ, ਜੋ ਇਕ-ਇਕ ਕਰਕੇ ਟੁੱਟ ਰਹੀਆਂ ਹਨ। ਬੁਨਿਆਦੀ ਹਾਲਾਤ ਨਾ ਭਾਰਤ ਦੇ ਬਦਲੇ ਹਨ, ਨਾ ਅਮਰੀਕਾ ਅਤੇ ਉਸ ਦੇ ਗ਼ਲਬੇ ਹੇਠਲੇ ਸੰਸਾਰ ਦੇ। ਫਿਰ ਪੰਜਾਬ ਸਬੰਧੀ ਕੀ ਆਸ ਲਾਈ ਜਾ ਸਕਦੀ ਹੈ?

ਚੋਣਾਂ ਸਿਰਫ ਲੋਕਾਂ ਦਾ ਗੁੱਸਾ ਕੱਢਣ ਦਾ ਸਾਧਨ ਬਣ ਕੇ ਰਹਿ ਗਈਆਂ ਹਨ। ਨੀਤੀਆਂ ਅਤੇ ਕੂਟਨੀਤੀਆਂ ਉਹੀ ਰਹਿੰਦੀਆਂ ਹਨ। ਲੋਕ ਕਾਰੀਗਰ ਬਦਲ ਦਿੰਦੇ ਹਨ, ਪਰ ਮਸ਼ੀਨ ਉਹੀ ਰਹਿੰਦੀ ਹੈ। ਇੱਥੇ ਹੀ ਸਮੱਸਿਆ ਦੀ ਜੜ੍ਹ ਹੈ। ਲੋੜ ਮੌਜੂਦਾ ਪੂੰਜੀਵਾਦੀ ਢਾਂਚੇ ਦੀ ਥਾਂ ਇਕ ਲੋਕ ਪੱਖੀ ਰਾਜ ਪ੍ਰਬੰਧ ਉਸਾਰਨ ਦੀ ਹੈ, ਜੋ ਲੋਕ ਲਹਿਰਾਂ ਤੋਂ ਬਿਨਾਂ ਸੰਭਵ ਨਹੀਂ। ਚਿਹਰਿਆਂ ਦੇ ਬਦਲਣ ਨਾਲ ਤਾਜ-ਤਖ਼ਤ ਦੀ ਮਨਸ਼ਾ ਨਹੀਂ ਬਦਲਣ ਲੱਗੀ। ਸਿਆਸੀ ਆਗੂਆਂ ਨੂੰ ਬਦਲ-ਬਦਲ ਕੇ ‘ਕੁਰਸੀ’ ‘ਤੇ ਬਿਠਾਉਣ ਦੇ ਤਜਰਬੇ ਕਰਨੇ ਹੁਣ ਛੱਡ ਦੇਣੇ ਚਾਹੀਦੇ ਹਨ।

No comments:

Post a Comment