ਕਲਮ ਬੜੀ ਜ਼ਰਖ਼ੇਜ਼

ਸੁਹਜ, ਦਇਆ, ਮੋਹ, ਸੱਚ, ਦਲੇਰੀ, ਚਾਨਣ ਸੰਗ ਲਬਰੇਜ਼।
ਸਿਆਹੀ ਕੁੱਖੋਂ ਸੂਰਜ ਜਣਦੀ, ਕਲਮ ਬੜੀ ਜ਼ਰਖ਼ੇਜ਼।
ਭੋਲ਼ੇ ਲੋਕੀਂ ਹਰ ਵਾਰੀ ਹੀ ਕਰ ਲੈਂਦੇ ਵਿਸ਼ਵਾਸ,
ਖ਼ੈਰ ਖੁਆਹ ਦਾ ਪਹਿਨ ਮਖੌਟਾ, ਆਵੇ ਜਦ ਚੰਗੇਜ਼।
ਤੇਰੀਆਂ ਦਿੱਤੀਆਂ ਸੌਗਾਤਾਂ ਨਾਲ ਭਰਦਾ ਜਾਏ ਮਕਾਨ,
ਭਰ ਦੇਵੇ ਰੂਹ ਖਾਲੀ ਨੂੰ ਕੋਈ ਐਸੀ ਚੀਜ਼ ਵੀ ਭੇਜ।
ਮਖਮਲ ਦੀ ਗੱਦੀ ਤੇ ਬਹਿ ਕੇ ਕਰਦੇ ਉਹ ਵਖਿਆਨ,
ਸੂਲ਼ ਸੁਰਾਹੀ ਖੰਜਰ ਪਿਆਲਾ ਤੇ ਪੱਥਰਾਂ ਦੀ ਸੇਜ।
ਲੋਕ ਬਣੇ ਦੀਵਾਰ ਨਹੀਂ ਜਦ, ਨਈਂ ਰੁਕਣਾ ਤੂਫਾਨ,
ਮਿਰਜ਼ਾ ਨਾ ਬਣ, ਹਾਦਸਿਆਂ ਤੋਂ ਰੱਖਿਆ ਕਰ ਪਰਹੇਜ਼।
ਮੈਂਨੂੰ ਮਛਲੀ ਨੂੰ ਪਾਣੀ ਚੋਂ ਕੱਢ ਕੇ ਸੁੱਟੇਂ ਛਾਂਵੇਂ,
ਵਾਹ ਨੀ ਮੇਰੀ ਜ਼ਿੰਦਗੀਏ ਤੂੰ ਬਹੁਤ ਜਤੌਂਦੀ ਹੇਜ।
ਕਿੰਨੀ ਮੁਸ਼ਕਲ ਹੋ ਗਈ ਕਰਨੀ ਦੁਸ਼ਮਣ ਦੀ ਪਹਿਚਾਣ,
ਭਗਤ ਸਿਓਂ ਦੀ ਯਾਦ ਚ ਮੇਲਾ ਲੌਂਦੇ ਹੁਣ ਅੰਗਰੇਜ਼।
ਗਾੜ੍ਹਾ ਬਹੁਤ ਹਨ੍ਹੇਰ ਹੋ ਗਿਆ, ਹੁਣ ਨਾ ਘੱਲ ਕਿਤਾਬ,
ਇਸ ਬਸਤੀ ਵੱਲ ਹੁਣ ਕੁਝ ਜੁਗਨੂੰ, ਦੀਵੇ, ਸੂਰਜ ਭੇਜ।
No comments:
Post a Comment