Saturday, September 3, 2011


                                     ਜੇ ਤੂੰ ਬੱਦਲ ਹੈਂ

                          ਜੇ ਤੂੰ ਬੱਦਲ  ਹੈਂ  ਤਾਂ  ਕਿਉਂ ਟਲਦਾ ਰਿਹਾ।
                          ਸ਼ਹਿਰ ਤਾਂ ਦਿਨ ਰਾਤ  ਹੀ  ਬਲਦਾ  ਰਿਹਾ।

                          ਖੋਲ੍ਹ  ਗਿਆ  ਹੈ  ਅੱਖਾਂ  ਉਹ  ਡੰਗ ਮਾਰ ਕੇ,
                          ਆਪਣੀ   ਬੁੱਕਲ  ਚ   ਜੋ   ਪਲਦਾ   ਰਿਹਾ।

                          ਸਭ ਘਰਾਂ  ਨੂੰ  ਹੀ  ਉਹ  ਖੰਡਰ  ਕਰ  ਗਏ,
                          ਪਰ   ਚਾਰਾਗਰ  ਹੱਥ  ਹੀ  ਮਲਦਾ  ਰਿਹਾ।

                          ਵਾਦੀਆਂ  ਵਿੱਚ  ਉਹ  ਰਿਹਾ  ਸਾਰੀ  ਉਮਰ,
                          ਜੇਬ   ਵਿਚ  ਭਾਵੇਂ  ਪਤਾ  ਥਲ  ਦਾ  ਰਿਹਾ।

                          ਡੋਲ੍ਹ   ਕੇ    ਹੰਝੂ    ਖ਼ਤਾਂ   ਵਿਚ    ਆਪਣੇ,
                          ਬਿਨ ਪਤਾ ਲਿਖਿਆਂ ਹੀ ਉਹ ਘਲਦਾ ਰਿਹਾ।

                          ਬੁਝ  ਗਿਆ  ਸੂਰਜ  ਹੋਈ  ਜਦ  ਸ਼ਾਮ  ਤਾਂ,
                          ਦਿਲ ਮੇਰਾ ਪਰ ਰਾਤ  ਭਰ  ਜਲਦਾ  ਰਿਹਾ।

                          ਜੇ   ਨਹੀਂ   ਮੰਜ਼ਲ   ਮਿਲੀ   ਤਾਂ  ਫੇਰ  ਕੀ,
                          ਦਮ  ਲਏ  ਬਿਨ  ਮੈਂ  ਸਦਾ  ਚਲਦਾ  ਰਿਹਾ।

Sunday, June 5, 2011

             
                        ਤੇਰੇ ਮੱਥੇ `ਚ ਚਾਨਣ ਹੈ


                      
                       ਜਡ਼ਾਂ  ਮਿੱਟੀ  ਚ  ਹੀ ਰੱਖੀਂ, ਚੁਗਿਰਦੇ ਨਾਲ ਵਾਹ ਰੱਖੀਂ।

                       ਬਡ਼ੇ  ਤੂਫ਼ਾਨ   ਝੁੱਲਣਗੇ,   ਡਰੀਂ  ਨਾ,   ਹੌਂਸਲਾ   ਰੱਖੀਂ।

                       ਜੇ  ਅੱਖਾਂ ਹੋਣ  ਵੱਧ ਨੇਡ਼ੇ  ਤਾਂ ਅੱਖਰ  ਨਈਂ  ਪਡ਼੍ਹੇ ਜਾਂਦੇ,
                       ਮਿਲੇ  ਜੇ  ਅਜਨਬੀ   ਕੋਈ  ਤਾਂ   ਥੋਡ਼੍ਹਾ  ਫਾਸਲਾ  ਰੱਖੀਂ।

                       ਵਗੇ ਲੂ, ਬਲ਼ ਰਿਹਾ ਅੰਬਰ, ਨਾ ਬਲ਼ ਜਾਵਣ ਕਿਤੇ ਪੰਛੀ,
                       ਨਮੀ  ਅੱਖ ਦੀ ਨਹੀਂ  ਕਾਫੀ,  ਘਟਾਵਾਂ  ਦਾ  ਪਤਾ ਰੱਖੀਂ।

                       ਅਲੋਚਕ ਰਿਸ਼ਤਿਆਂ ਦਾ ਬਣ ਕੇ ਖ਼ੁਦ ਤੋਂ ਵਿੱਛਡ਼ ਜਾਵੇਂਗਾ,
                       ਬਦੀ  ਕੀਤੀ ਮਹਿਰਮਾਂ  ਨੇ ਜੇ, ਬਹੁਤਾ  ਯਾਦ  ਨਾ ਰੱਖੀਂ।

                       ਦਵਾ ਦੀ ਆਡ਼ ਵਿੱਚ  ਜੋ ਜ਼ਖ਼ਮ  ਉੱਤੇ  ਲੂਣ ਮਲ਼  ਦਿੰਦੇ,
                       ਇਨ੍ਹਾਂ ਦੋ  ਚਿਹਰਿਆਂ  ਵਾਲ਼ੇ  ਹਕੀਮਾਂ  ਤੋਂ ਬਚਾਅ  ਰੱਖੀਂ।

                       ਵਹਾਅ  ਨੂੰ  ਬਦਲ  ਦੇਵੇਂਗਾ  ਜਦੋਂ ਤੂੰ  ਕਾਫ਼ਲਾ  ਬਣਿਆ,
                       ਇਰਾਦਾ   ਪਰਬਤਾਂ   ਜਿੱਡਾ,  ਲਹੂ   ਨੂੰ  ਖੌਲਦਾ  ਰੱਖੀਂ।

                       ਤੇਰੇ  ਮੱਥੇ   ਚ  ਚਾਨਣ  ਹੈ  ਝੁਕੀਂ  ਨਾ  ਨੇਰ੍ਹਿਆਂ  ਅੱਗੇ,
                       ਮਿਲੇ  ਜੇ  ਮੋਹ, ਵਫ਼ਾ, ਆਦਰ, ਸਦਾ ਨੀਵੀਂ ਨਿਗ੍ਹਾ ਰੱਖੀਂ।



ਕਲ੍ਹ ਜਿਨ੍ਹਾਂ ਨੂੰ


                            ਕਲ੍ਹ ਜਿਨ੍ਹਾਂ ਨੂੰ ਰੋਟੀ ਨਾ  ਬਸਤਰ ਮਿਲੇ
                            ਅੱਜ ਉਨ੍ਹਾਂ ਦੇ  ਹੱਥਾਂ ਚੋਂ ਸ਼ਸਤਰ ਮਿਲੇ

                            ਲਾਜ਼ਮੀ  ਉਸ   ਵਿੱਚੋਂ  ਦੁੱਲਾ  ਜਨਮਦੈ,
                            ਜਿਹਡ਼ੀ ਜੂਹ ਨੂੰ ਰੌਂਦ ਕੇ ਅਕਬਰ ਮਿਲੇ

                            ਆਏ ਸੀ ਲੱਖ ਵਾਰ ਅਸੀਂ ਮਰਹਮ ਲਈ,
                            ਪਰ ਤੇਰੇ ਦਰ ਤੋਂ  ਸਦਾ  ਨਸ਼ਤਰ ਮਿਲੇ

                            ਬਿਖਡ਼ਾ  ਪੈਂਡਾ  ਪਰ  ਅਸਾਂ ਰੁਕਣਾ  ਨਹੀਂ,
                            ਰਾਹਾਂ ਵਿਚ ਨਦੀਆਂ ਨੂੰ ਕਦ ਸਾਗਰ ਮਿਲੇ

                            ਮੁਰਦਿਆਂ  ਦੇ ਉੱਤੋਂ  ਕੱਫਣ ਲਾਹ  ਦਿਓ,
                            ਜਿਉਦਿਆਂ ਤਾਈਂ ਤਾਂ ਇਕ ਚਾਦਰ ਮਿਲੇ

                            ਉਹ  ਉਦਾਸੀ  ਤੇ  ਤੁਰੇ   ਏਹ  ਸੋਚ  ਕੇ,
                            ਕਿਸ ਦਿਸ਼ਾ ਜਾਈਏ ਕਿ ਨਾ ਬਾਬਰ ਮਿਲੇ

                            ਰੌਸ਼ਨੀ  ਜਦ  ਸੂਹੀ  ਰਾਹੋਂ ਭਟਕ  ਗਈ,
                            ਵਕਤ ਦੇ ਰਹਿਬਰ ਬਣੇ ਹਿਟਲਰ ਮਿਲੇ

                            ਪੈਰਾਂ  ਵਿਚ  ਪਗਡ਼ੀ  ਕਿਸੇ  ਦੀ  ਰੋਲ਼ਕੇ,
                            ਸੀਸ  ਤੇਰੇ   ਨੂੰ  ਕਿਵੇਂ   ਆਦਰ   ਮਿਲੇ?

Saturday, March 26, 2011



                                   ਗਏ ਨੇ ਬੀਤ ਮੌਸਮ

                            ਗਏ   ਨੇ   ਬੀਤ  ਮੌਸਮ   ਝਾਂਜਰਾਂ  ਦੇ
                            ਸਿਰਾਂ   ਤੇ  ਰਹਿਣ   ਸਾਏ  ਖੰਜਰਾਂ  ਦੇ

                            ਤੁਰੇ ਖ਼ੁਦ ਹੀ ਨਹੀਂ  ਉਹ  ਮੰਜ਼ਲਾਂ  ਵੱਲ,
                            ਬਹਾਨੇ   ਲੌਣ   ਔਖੇ    ਰਸਤਿਆਂ   ਦੇ

                            ਮਨਾਂ ਵਿੱਚ  ਵਿਛ  ਗਏ  ਬੇਅੰਤ ਵਾਹਗੇ,
                            ਧਡ਼ੇ ਹੁਣ  ਬਣ   ਗਏ  ਸੱਥਾਂ  ਘਰਾਂ  ਦੇ

                            ਪਸ਼ੂਪਣ   ਆਦਮੀ   ਦਾ  ਦੇਖਿਆ   ਜੋ,
                            ਗਿਆ   ਪਾ  ਮਾਤ  ਕਿੱਸੇ  ਭੇਡ਼ੀਆਂ  ਦੇ

                            ਖਿਡ਼ੇ ਫੁੱਲ, ਹਸਦੇ ਬੱਚੇ, ਮਹਿਕਦੀਵਾ,
                            ਪਏ   ਹੁਣ   ਕਾਲ਼   ਐਸੇ   ਮੰਜ਼ਰਾਂ  ਦੇ

                            ਹਵਾਵਾਂ  ਨਾਲ  ਦੋ  ਹੱਥ  ਕਰਨਗੇ ਹੁਣ,
                            ਸਬਰ ਦੇ ਟੁੱਟ ਗਏ  ਬੰਨ੍ਹ  ਦੀਵਿਆਂ ਦੇ

                            ਮਿਲੇ ਜਿੱਥੋਂ ਵੀ  ਬੁਰਕੀ  ਲਿਫਣ  ਲੱਗੇਂ,
                            ਮੈਂ  ਜਾਵਾਂ  ਸਦਕੇ  ਤੇਰੇ  ਸਿਜਦਿਆਂ ਦੇ

                            ਗਰਾਂ  ਵਿਚ ਭਾਲਦੈਂ  “ਕੁਲਵਿੰਦਰਾਕੀ,
                            ਨ ਮੋਹ,ਓਹ”,ਨਾ ਦਾਣੇ ਛੱਲੀਆਂ ਦੇ

Sunday, February 6, 2011

ਪੰਜਾਬ ਦਾ ਸਿਆਸੀ ਮਾਹੌਲ ਅਤੇ ਲੋਕ

ਪੰਜਾਬੀ ਟ੍ਰਿਬਿਊਨ

5 ਫਰਵਰੀ 2011 -ਕੁਲਵਿੰਦਰ ਬੱਛੋਆਣਾ

ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਮਾਹੌਲ ਦਾ ਮਘਣਾ ਆਮ ਗੱਲ ਹੈ। ਇਹ ਬਰਸਾਤੀ ਡੱਡੂਆਂ ਦੇ ‘ਏ.ਸੀ. ਖੱਡਾਂ’ ਵਿਚੋਂ ਬਾਹਰ ਨਿਕਲ ਕੇ ‘ਧਰਤੀ’ ‘ਤੇ ਆਉਣ ਦਾ ਸਮਾਂ ਹੁੰਦਾ ਹੈ। ਇਸ ਵਾਰ ਵੱਖਰੀ ਗੱਲ ਇਹ ਹੋ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਲਗਪਗ 13 ਮਹੀਨੇ ਪਹਿਲਾਂ ਸਿਆਸੀ ਦ੍ਰਿਸ਼ ਤੇਜ਼ੀ ਨਾਲ ਰੰਗ ਬਦਲਣ ਲੱਗਿਆ ਹੈ। ਇਹ ਕੁਝ ਨਾ ਕੁਝ ਬਦਲਾਅ ਦਾ ਸੂਚਕ ਹੈ। ਇਸ ਬਦਲਾਅ ਦੀ ਦਿਸ਼ਾ ਚੋਣਾਂ ਹੀ ਤੈਅ ਕਰਨਗੀਆਂ।

ਸੱਤਾਧਾਰੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੱਤਾ ਵਿਚ ਆਉਣ ਦਾ ਰੁਝਾਨ ਅਜੇ ਪੰਜਾਬ ਵਿਚ ਨਹੀਂ ਹੈ। ਭਾਰਤ ਦੇ ਹੋਰਨਾਂ ਰਾਜਾਂ ਵਿਚ ਵੀ ਅਜਿਹਾ ਘੱਟ ਹੀ ਵਾਪਰਦਾ ਹੈ। ਗੁਆਂਢੀ ਰਾਜ ਹਰਿਆਣਾ ਨੇ ਆਪਣਾ ਚੋਣ ਇਤਿਹਾਸ ਬਦਲ ਦਿੱਤਾ ਹੈ। ਹੁਣ ਬਿਹਾਰ ਵਿਚ ਵੀ ਅਜਿਹਾ ਹੀ ਵਾਪਰਿਆ ਹੈ। ਇਸ ਨਾਲ ਪੰਜਾਬ ਕਾਂਗਰਸ ਤਾਂ ਅੰਦਰੋ ਅੰਦਰੀ ਡਰ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਨ ਵਿਚ ਜ਼ਰੂਰ ਲੱਡੂ ਫੁੱਟਣ ਲੱਗੇ ਹਨ। ਅਕਾਲੀ ਦਲ ਨੇ ਸੱਤਾ ਦੇ ਇਤਿਹਾਸ ਨੂੰ ਬਦਲਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਦਘਾਟਨਾਂ ਦੀ ਹਨੇਰੀ ਆਈ ਪਈ ਹੈ। ਅਖਬਾਰਾਂ ਵਿਚ ਸਰਕਾਰ ਦੇ ‘ਵਿਕਾਸ ਕਾਰਜਾਂ’ ਦੇ ਇਸ਼ਤਿਹਾਰ ਨਿੱਤ ਦਿਹਾੜੇ ਛਪ ਰਹੇ ਹਨ। ਚੋਣਾਂ ਵਿਕਾਸ ਦੇ ਨਾਂ ‘ਤੇ ਲੜਨ ਦੇ ਐਲਾਨ ਕੀਤੇ ਜਾ ਰਹੇ ਹਨ। ‘ਪਾਰਟੀ ਵਿਰੋਧੀਆਂ’ ‘ਤੇ ਸਖ਼ਤ ‘ਅਨੁਸ਼ਾਸਨ’ ਲਾਗੂ ਹੈ। ਪਾਰਟੀ ਮਨਪ੍ਰੀਤ ਸਿੰਘ ਬਾਦਲ ਨੂੰ ਕੱਢਣ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਭਰਨ ਲਈ ਵੀ ਯਤਨ ਕਰ ਰਹੀ ਹੈ। ਸੁਖਬੀਰ ਬਾਦਲ ਲਈ ਆਉਣ ਵਾਲੀਆਂ ਚੋਣਾਂ ‘ਇਮਤਿਹਾਨ ਦੀ ਘੜੀ’ ਹਨ।

ਸਾਢੇ ਤਿੰਨ ਸਾਲਾਂ ਦੀ ਨੀਂਦ ਪੂਰੀ ਕਰਨ ਤੋਂ ਬਾਅਦ ਵਿਰੋਧੀ ਧਿਰ ਦੀ ‘ਜਾਗ ਖੁੱਲ੍ਹੀ’ ਹੈ। ਕੈਪਟਨ ਸਾਹਿਬ ਹੁਣ ਤਿਮਾਹੀ-ਛਿਮਾਹੀ ਦੀ ਥਾਂ ਹਫਤਾਵਰੀ ਬਿਆਨ ‘ਦਾਗਣ’ ਲੱਗੇ ਹਨ। ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਗੀ ਸੁਰਾਂ ਫੇਰ ‘ਰੰਗ ਵਿਚ ਭੰਗ’ ਪਾ ਦਿੰਦੀਆਂ ਹਨ। ਕਾਂਗਰਸ ਕੋਲ ਵੀ ਲੋਕ-ਹਿੱਤਾਂ ਵਾਲਾ ਕੋਈ ਨਵਾਂ ਪ੍ਰੋਗਰਾਮ ਨਹੀਂ। ਨਾ ਹੀ ਕੋਈ ਚੋਣ ਮੁੱਦਾ ਹੈ। ਇਹ ਸਿਰਫ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਂਗ ਆਪਣੀ ‘ਵਾਰੀ’ ਦੀ ਉਡੀਕ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ‘ਨਿਧੜਕ’ ਹੋਣ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਉਹ ਤੀਜੇ ਬਦਲ ਦੀ ਸੰਭਾਵਨਾ ਨੂੰ ਵੀ ਮੁੱਢੋਂ ਨਕਾਰ ਚੁੱਕੇ ਹਨ। ਨਕਾਰਨ ਵੀ ਕਿਉਂ ਨਾ, ਅਜਿਹਾ ਬਦਲ ਸਥਾਪਿਤ ਪਾਰਟੀਆਂ ਲਈ ਤਾਂ ਅਸ਼ੁੱਭ ਹੀ ਹੋਵੇਗਾ।

ਤੀਜੀ ਧਿਰ ਦੀ ਉਡੀਕ ਦਹਾਕਿਆਂ ਤੋਂ ਹੈ। ਜੋ ਅਜੇ ਤੱਕ ਉਡੀਕ ਹੀ ਬਣੀ ਹੋਈ ਹੈ। ਸੱਤਾਧਾਰੀ ਅਕਾਲੀ ਦਲ ਤੋਂ ਬਿਨਾਂ ਬਾਕੀ ਅਕਾਲੀ ਦਲਾਂ ਨੂੰ ਲੋਕ ‘ਮੂੰਹੋਂ ਲਾਹ’ ਚੁੱਕੇ ਹਨ। ਖੱਬੀਆਂ ਪਾਰਟੀਆਂ ਦਾ ਅਧਾਰ ਲਗਪਗ ਖਤਮ ਹੋ ਚੁੱਕਿਆ ਹੈ। ਇਨਕਲਾਬੀ ਖੱਬੇ-ਪੱਖੀ ਅਜੇ ਲੋਕ ਲਹਿਰ ਬਣਾਉਣ ਵਿਚ ਸਫਲ ਨਹੀਂ ਹੋਏ। ਬਲਵੰਤ ਸਿੰਘ ਰਾਮੂਵਾਲੀਆ ਦੀ ਪਾਰਟੀ ਦੇ ਏਜੰਡੇ ‘ਤੇ ਸ਼ਾਇਦ ਵਿਦੇਸ਼ਾਂ ਵਿਚ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੇ ਪੰਜਾਬੀ ਹੀ ਹਨ। ਹਾਂ, ਸੁਰਜੀਤ ਸਿੰਘ ਬਰਨਾਲਾ ਦੀ ਰਾਜਨੀਤੀ ਵਿਚ ਵਾਪਸ ਆਉਣ ਦੀ ਖ਼ਬਰ ਤੀਜੇ ਬਦਲ ਲਈ ਸ਼ੁਭ ਸੰਕੇਤ ਹੈ। ਮਨਪ੍ਰੀਤ ਸਿੰਘ ਬਾਦਲ ਇਸ ਦਾ ਅਧਾਰ ਤਿਆਰ ਕਰ ਸਕਦੇ ਹਨ। ਸਥਾਪਤ ਧਿਰਾਂ ਦੇ ਆਗੂਆਂ ਵਾਂਗ ਉਭਰਨ ਲਈ ਉਨ੍ਹਾਂ ਨੂੰ ਕਰੜੀ ਮਿਹਨਤ ਕਰਨੀ ਪੈਣੀ ਹੈ। ਉਨ੍ਹਾਂ ਦਾ ਸਾਫ-ਸੁਥਰਾ ਅਕਸ ਜਾਗਰਿਤ ਵੋਟਰ ‘ਤੇ ਲਾਜ਼ਮੀ ਅਸਰ ਪਾਵੇਗਾ।

ਚੌਥੀ ਧਿਰ ਲੋਕ ਹਨ, ਜੋ ਹਰ ਵਾਰ ਦੀਆਂ ਚੋਣਾਂ ਵਿਚ ਹਾਰ ਜਾਂਦੇ ਹਨ। ਇਤਿਹਾਸ ਤੋਂ ਕੋਈ ਸਬਕ ਨਾ ਸਿੱਖਦੇ ਹੋਏ ਉਹ ਇਸ ਵਾਰ ਦੀਆਂ ਚੋਣਾਂ ਵਿਚ ਵੀ ਆਪਣੀ ਕਿਸਮਤ ਬਦਲਣ ਦਾ ਭਰਮ ਪਾਲੀ ਬੈਠੇ ਹਨ। ਕੁਝ ਤੀਜੇ ਬਦਲ ਦੀ ਉਡੀਕ ਵਿਚ ਬੁੱਢੇ ਹੋਣ ਵਾਲੇ ਹਨ। ਉਂਝ ਜੇ ਕੋਈ ਤੀਜਾ ਬਦਲ ਆ ਵੀ ਜਾਵੇ, ਤਾਂ ਵੀ ਕੋਈ ‘ਧਮਾਕਾ’ ਨਹੀਂ ਹੋਣ ਲੱਗਿਆ। ਫਿਰ ਸ਼ਾਇਦ ਲੋਕ ‘ਚੌਥੇ ਬਦਲ’ ਦੀ ਉਡੀਕ ਕਰਨਗੇ। ਹਾਂ, ਮਨਪ੍ਰੀਤ ਬਾਦਲ ਦੇ ‘ਨਵੇਂ ਬਦਲ’ ਸਬੰਧੀ ਜ਼ਰੂਰ ਗੱਲ ਕਰਨੀ ਬਣਦੀ ਹੈ। ਕੁਝ ਬੁੱਧੀਜੀਵੀ ਅਤੇ ‘ਲੇਖਕ’ ਮਨਪ੍ਰੀਤ ਬਾਦਲ ਦੀ ਸੰਭਾਵੀ ਚੋਣ ਸਫਲਤਾ ਨੂੰ ‘ਇਨਕਲਾਬ’ ਸਮਝ ਬੈਠੇ ਹਨ। ਹੋ ਸਕਦਾ ਹੈ ਉਹ ਉਨ੍ਹਾਂ ਦੀ ਖੱਬੇ-ਪੱਖੀ ਨੁਮਾ ਸ਼ਬਦਾਵਲੀ ਸੁਣ ਕੇ ਚੱਕਰ ਖਾ ਗਏ ਹੋਣ। ਉਂਝ ਉਹ ਆਪਣੇ ਪੱਖ ਵਿਚ ਮਨਪ੍ਰੀਤ ਬਾਦਲ ਦੇ ਸੂਝਵਾਨ, ਇਮਾਨਦਾਰ ਅਤੇ ‘ਤਿਆਗੀ’ ਹੋਣ ਦਾ ਤਰਕ ਦਿੰਦੇ ਹਨ। ਉਹ ਸਮੱਸਿਆ ਦੀ ਜੜ੍ਹ ਲੱਭਣ ਵਿਚ ਨਾਕਾਮ ਹਨ। ਇਕ ਇਮਾਨਦਾਰ ਆਗੂ ਮੌਜੂਦਾ ਢਾਂਚੇ ਵਿਚ ਮਾਮੂਲੀ ਸੁਧਾਰਾਂ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ। ਤੇ ਕਈ ਵਾਰ ਤਾਂ ਉਹ ਵੀ ਨਹੀਂ ਹੋ ਪਾਉਂਦੇ। ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਲੋਕਾਂ ਨੂੰ ਬੜੀਆਂ ਆਸਾਂ ਸਨ ਪਰ ਹੋਇਆ ਇਸ ਦੇ ਉਲਟ। ਦੇਸ਼ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ। ਬਰਾਕ ਉਬਾਮਾ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਸੰਸਾਰ ਦੇ ਬੁੱਧੀਜੀਵੀਆਂ ਨੂੰ ਉਨ੍ਹਾਂ ਤੋਂ ਬੜੀਆਂ ਉਮੀਦਾਂ ਸਨ, ਜੋ ਇਕ-ਇਕ ਕਰਕੇ ਟੁੱਟ ਰਹੀਆਂ ਹਨ। ਬੁਨਿਆਦੀ ਹਾਲਾਤ ਨਾ ਭਾਰਤ ਦੇ ਬਦਲੇ ਹਨ, ਨਾ ਅਮਰੀਕਾ ਅਤੇ ਉਸ ਦੇ ਗ਼ਲਬੇ ਹੇਠਲੇ ਸੰਸਾਰ ਦੇ। ਫਿਰ ਪੰਜਾਬ ਸਬੰਧੀ ਕੀ ਆਸ ਲਾਈ ਜਾ ਸਕਦੀ ਹੈ?

ਚੋਣਾਂ ਸਿਰਫ ਲੋਕਾਂ ਦਾ ਗੁੱਸਾ ਕੱਢਣ ਦਾ ਸਾਧਨ ਬਣ ਕੇ ਰਹਿ ਗਈਆਂ ਹਨ। ਨੀਤੀਆਂ ਅਤੇ ਕੂਟਨੀਤੀਆਂ ਉਹੀ ਰਹਿੰਦੀਆਂ ਹਨ। ਲੋਕ ਕਾਰੀਗਰ ਬਦਲ ਦਿੰਦੇ ਹਨ, ਪਰ ਮਸ਼ੀਨ ਉਹੀ ਰਹਿੰਦੀ ਹੈ। ਇੱਥੇ ਹੀ ਸਮੱਸਿਆ ਦੀ ਜੜ੍ਹ ਹੈ। ਲੋੜ ਮੌਜੂਦਾ ਪੂੰਜੀਵਾਦੀ ਢਾਂਚੇ ਦੀ ਥਾਂ ਇਕ ਲੋਕ ਪੱਖੀ ਰਾਜ ਪ੍ਰਬੰਧ ਉਸਾਰਨ ਦੀ ਹੈ, ਜੋ ਲੋਕ ਲਹਿਰਾਂ ਤੋਂ ਬਿਨਾਂ ਸੰਭਵ ਨਹੀਂ। ਚਿਹਰਿਆਂ ਦੇ ਬਦਲਣ ਨਾਲ ਤਾਜ-ਤਖ਼ਤ ਦੀ ਮਨਸ਼ਾ ਨਹੀਂ ਬਦਲਣ ਲੱਗੀ। ਸਿਆਸੀ ਆਗੂਆਂ ਨੂੰ ਬਦਲ-ਬਦਲ ਕੇ ‘ਕੁਰਸੀ’ ‘ਤੇ ਬਿਠਾਉਣ ਦੇ ਤਜਰਬੇ ਕਰਨੇ ਹੁਣ ਛੱਡ ਦੇਣੇ ਚਾਹੀਦੇ ਹਨ।

Tuesday, November 30, 2010



                                         ਬਰਸਿਆ ਏ ਮੀਂਹ


                        ਬਰਸਿਆ  ਏ  ਮੀਂਹ  ਰੰਗੀਲੇ   ਕਾਗਜ਼ਾਂ  ਦੀ  ਜ਼ਹਿਰ  ਦਾ।
                        ਵਿੱਚੋ  ਵਿੱਚੀ  ਮਰ  ਗਿਆ  ਹਰ  ਬੰਦਾ  ਮੇਰੇ  ਸ਼ਹਿਰ  ਦਾ।

                        ਪਿਆਸ   ਮੇਰੀ   ਦੇਖ   ਕੇ  ਉਹ   ਝੀਲ  ਰੇਤਾ  ਹੋ   ਗਈ,
                        ਤੁਰ   ਪਿਆ   ਹੋ   ਨਿੰਮੋਝੂ੍ਣਾ   ਕੀ  ਮੈਂ  ਉੱਥੇ   ਠਹਿਰਦਾ।

                        ਪੈਰ   ਭਿੱਜਣ   ਦੇ   ਡਰੋਂ   ਸਾਗਰ  ਦੇ   ਨੇਡ਼ੇ   ਜਾਣ   ਨਾ,
                        ਦੂਰ  ਤੋਂ  ਖਡ਼ਕੇ  ਹੀ  ਉਹ  ਤਕਦੇ  ਨਜ਼ਾਰਾ   ਲਹਿਰ  ਦਾ।

                        ਮੂੰਹ  ਹਨੇਰੇ  ਆਈਆਂ   ਸੀ ਪੁਲ਼   ਉੱਤੇ  ਖਾਕੀ  ਵਰਦੀਆਂ,
                        ਚੀਕ   ਸੁਣ   ਮਾਸੂਮ  ਦੀ  ਕੰਬਿਆ   ਸੀ  ਪਾਣੀ ਨਹਿਰ ਦਾ।

                        ਭੋਗ  ਕੇ  ਅਪਣੀ   ਉਮਰ  ਪੀਲ਼ਾ  ਜੋ   ਪੱਤਾ   ਹੋ   ਗਿਆ,
                        ਕਿੰਨੀ  ਵੀ   ਕੋਸ਼ਸ਼  ਕਰੋ   ਇਹ  ਘਡ਼ੀ  ਜਾਂ   ਪਹਿਰ   ਦਾ।

                        ਦਿਲ  ਤੇ  ਘਰ  ਨੂੰ  ਰੱਖ  ਸੁੱਚੇ,  ਸਾਫ  ਤੇ  ਅਪਣੱਤ  ਭਰੇ,
                        ਕੂਡ਼  ਦੇ   ਅੰਦਰ  ਹੈ  ਤਾਂ   ਕੋਈ  ਨਾ  ਆ  ਕੇ   ਠਹਿਰਦਾ।

Tuesday, September 28, 2010





                                                     ਪਿਆਲਾ ਜ਼ਹਿਰ ਦਾ




                       ਪਿਆਲਾ   ਜ਼ਹਿਰ   ਦਾ  ਜੋ  ਯਾਰ  ਨੇ  ਹੋਂਠਾਂ  ਨੂੰ  ਲਾ  ਦਿੱਤਾ
                       ਅਸੀਂ  ਕਬਰਾਂ  ਦੇ  ਵਾਸੀ  ਸਾਂ   ਉਹਨੇ  ਜੀਣਾ   ਸਿਖਾ   ਦਿੱਤਾ

                       ਕਿਹਾ ਉਸਨੇ ਜੋ ਮੂੰਹ ਆਇਆ, ਜੋ ਹੱਥ ਆਇਆ ਵਗਾਹ ਦਿੱਤਾ
                       ਅਚਨਚੇਤੀ   ਹੀ  ਮੈਂ   ਉਸਨੂੰ   ਜਦੋਂ   ਸ਼ੀਸ਼ਾ   ਦਿਖਾ   ਦਿੱਤਾ

                       ਜਿਨ੍ਹਾਂ  ਨੂੰ  ਆਪਣੇ   ਪਰ  ਦੇ  ਕੇ  ਮੈਂ   ਅੰਬਰ  ਚਡ਼੍ਹਾਇਆ  ਸੀ,
                       ਉਨ੍ਹਾਂ  ਮੈਂਨੂੰ  ਤਾਂ  ਕੀ   ਧਰਤੀ   ਨੂੰ  ਵੀ  ਗੂਠਾ  ਦਿਖਾ  ਦਿੱਤਾ

                       ਓ  ਬੁੱਤਘਾਡ਼ੇ ਤੂੰ  ਇਸ  ਪੱਥਰ  ਨੂੰ  ਕੀ  ਤੋਂ  ਕੀ ਬਣਾ ਧਰਿਐ,
                       ਕਿ  ਇਸਨੇ  ਝੁਕ  ਰਹੇ  ਹਰ  ਸੀਸ  ਨੂੰ  ਪੱਥਰ  ਬਣਾ  ਦਿੱਤਾ

                       ਮੈਂ  ਇਸ  ਨਿਜ਼ਾਮ  ਤੋਂ  ਰੋਜ਼ੀ   ਇਲਮ  ਤੇ  ਸਿਹਤ  ਮੰਗੇ  ਸਨ,
                       ਮੇਰੇ   ਹੱਥੀਂ  ਇਹਨੇ  ਖੰਜਰ   ਕਦੇ   ਠੂਠਾ   ਫਡ਼ਾ   ਦਿੱਤਾ

                       ਇਹ  ਸਾਹਵੇਂ  ਕਤਲ  ਹੁੰਦਾ   ਦੇਖ  ਵੀ  ਕੁਸਕਦਾ  ਤਕ  ਨਈਂ,
                       ਐ    ਮੇਰੇ    ਰਹਿਬਰੋ   ਮੈਨੂੰ   ਤੁਸੀਂ   ਕੈਸਾ   ਖ਼ੁਦਾ   ਦਿੱਤਾ

                       ਅਲੂੰਏ  ਜ਼ਖ਼ਮਾਂ  ਦੀ  ਇਹ  ਪੀਡ਼  ਜੋ  ਸ਼ੇਅਰਾਂ     ਢਲ਼ਦੀ  ਹੈ,
                       ਇਹਨੂੰ  ਜੇ  ਖੋ  ਲਿਆ  ਸਮਝੋ   ਮੈਂ  ਖ਼ੁਦ  ਨੂੰ ਹੀ ਗੁਆ ਦਿੱਤਾ

                                                                 
                                                       ਕਲਮ ਬੜੀ ਜ਼ਰਖ਼ੇਜ਼





                          ਸੁਹਜ, ਦਇਆ, ਮੋਹ, ਸੱਚ, ਦਲੇਰੀ, ਚਾਨਣ ਸੰਗ ਲਬਰੇਜ਼।
                     ਸਿਆਹੀ   ਕੁੱਖੋਂ   ਸੂਰਜ  ਜਣਦੀ,  ਕਲਮ  ਬਡ਼ੀ  ਜ਼ਰਖ਼ੇਜ਼।

                     ਭੋਲ਼ੇ   ਲੋਕੀਂ   ਹਰ    ਵਾਰੀ   ਹੀ   ਕਰ   ਲੈਂਦੇ   ਵਿਸ਼ਵਾਸ,
                     ਖ਼ੈਰ  ਖੁਆਹ   ਦਾ   ਪਹਿਨ   ਮਖੌਟਾ,  ਆਵੇ ਜਦ ਚੰਗੇਜ਼।

                     ਤੇਰੀਆਂ  ਦਿੱਤੀਆਂ  ਸੌਗਾਤਾਂ  ਨਾਲ  ਭਰਦਾ  ਜਾਏ  ਮਕਾਨ,
                     ਭਰ  ਦੇਵੇ  ਰੂਹ  ਖਾਲੀ  ਨੂੰ  ਕੋਈ  ਐਸੀ  ਚੀਜ਼  ਵੀ   ਭੇਜ।

                     ਮਖਮਲ  ਦੀ  ਗੱਦੀ  ਤੇ  ਬਹਿ  ਕੇ  ਕਰਦੇ  ਉਹ ਵਖਿਆਨ,
                     ਸੂਲ਼   ਸੁਰਾਹੀ   ਖੰਜਰ   ਪਿਆਲਾ  ਤੇ  ਪੱਥਰਾਂ  ਦੀ  ਸੇਜ।

                     ਲੋਕ   ਬਣੇ  ਦੀਵਾਰ  ਨਹੀਂ  ਜਦ,  ਨਈਂ   ਰੁਕਣਾ  ਤੂਫਾਨ,
                     ਮਿਰਜ਼ਾ  ਨਾ  ਬਣ, ਹਾਦਸਿਆਂ  ਤੋਂ ਰੱਖਿਆ  ਕਰ ਪਰਹੇਜ਼।

                     ਮੈਂਨੂੰ   ਮਛਲੀ  ਨੂੰ   ਪਾਣੀ   ਚੋਂ   ਕੱਢ   ਕੇ   ਸੁੱਟੇਂ   ਛਾਂਵੇਂ,
                     ਵਾਹ   ਨੀ   ਮੇਰੀ   ਜ਼ਿੰਦਗੀਏ   ਤੂੰ  ਬਹੁਤ  ਜਤੌਂਦੀ  ਹੇਜ।

                     ਕਿੰਨੀ ਮੁਸ਼ਕਲ  ਹੋ  ਗਈ  ਕਰਨੀ  ਦੁਸ਼ਮਣ ਦੀ ਪਹਿਚਾਣ,
                     ਭਗਤ  ਸਿਓਂ  ਦੀ  ਯਾਦ  ਚ  ਮੇਲਾ  ਲੌਂਦੇ  ਹੁਣ  ਅੰਗਰੇਜ਼।

                     ਗਾੜ੍ਹਾ ਬਹੁਤ ਹਨ੍ਹੇਰ ਹੋ ਗਿਆ,  ਹੁਣ  ਨਾ  ਘੱਲ  ਕਿਤਾਬ,
                     ਇਸ ਬਸਤੀ ਵੱਲ  ਹੁਣ ਕੁਝ  ਜੁਗਨੂੰ, ਦੀਵੇ, ਸੂਰਜ  ਭੇਜ।