ਜੇ ਤੂੰ ਬੱਦਲ ਹੈਂ
ਜੇ ਤੂੰ ਬੱਦਲ ਹੈਂ ਤਾਂ ਕਿਉਂ ਟਲਦਾ ਰਿਹਾ।
ਸ਼ਹਿਰ ਤਾਂ ਦਿਨ ਰਾਤ ਹੀ ਬਲਦਾ ਰਿਹਾ।
ਖੋਲ੍ਹ ਗਿਆ ਹੈ ਅੱਖਾਂ ਉਹ ਡੰਗ ਮਾਰ ਕੇ,
ਆਪਣੀ ਬੁੱਕਲ ਚ ਜੋ ਪਲਦਾ ਰਿਹਾ।
ਸਭ ਘਰਾਂ ਨੂੰ ਹੀ ਉਹ ਖੰਡਰ ਕਰ ਗਏ,
ਪਰ ਚਾਰਾਗਰ ਹੱਥ ਹੀ ਮਲਦਾ ਰਿਹਾ।
ਵਾਦੀਆਂ ਵਿੱਚ ਉਹ ਰਿਹਾ ਸਾਰੀ ਉਮਰ,
ਜੇਬ ਵਿਚ ਭਾਵੇਂ ਪਤਾ ਥਲ ਦਾ ਰਿਹਾ।
ਡੋਲ੍ਹ ਕੇ ਹੰਝੂ ਖ਼ਤਾਂ ਵਿਚ ਆਪਣੇ,
ਬਿਨ ਪਤਾ ਲਿਖਿਆਂ ਹੀ ਉਹ ਘਲਦਾ ਰਿਹਾ।
ਬੁਝ ਗਿਆ ਸੂਰਜ ਹੋਈ ਜਦ ਸ਼ਾਮ ਤਾਂ,
ਦਿਲ ਮੇਰਾ ਪਰ ਰਾਤ ਭਰ ਜਲਦਾ ਰਿਹਾ।
ਜੇ ਨਹੀਂ ਮੰਜ਼ਲ ਮਿਲੀ ਤਾਂ ਫੇਰ ਕੀ,
ਦਮ ਲਏ ਬਿਨ ਮੈਂ ਸਦਾ ਚਲਦਾ ਰਿਹਾ।
No comments:
Post a Comment