ਗਏ ਨੇ ਬੀਤ ਮੌਸਮ
ਗਏ ਨੇ ਬੀਤ ਮੌਸਮ ਝਾਂਜਰਾਂ ਦੇ।
ਸਿਰਾਂ ਤੇ ਰਹਿਣ ਸਾਏ ਖੰਜਰਾਂ ਦੇ।
ਤੁਰੇ ਖ਼ੁਦ ਹੀ ਨਹੀਂ ਉਹ ਮੰਜ਼ਲਾਂ ਵੱਲ,
ਬਹਾਨੇ ਲੌਣ ਔਖੇ ਰਸਤਿਆਂ ਦੇ।
ਮਨਾਂ ਵਿੱਚ ਵਿਛ ਗਏ ਬੇਅੰਤ ਵਾਹਗੇ,
ਧਡ਼ੇ ਹੁਣ ਬਣ ਗਏ ਸੱਥਾਂ ਘਰਾਂ ਦੇ।
ਪਸ਼ੂਪਣ ਆਦਮੀ ਦਾ ਦੇਖਿਆ ਜੋ,
ਗਿਆ ਪਾ ਮਾਤ ਕਿੱਸੇ ਭੇਡ਼ੀਆਂ ਦੇ।
ਖਿਡ਼ੇ ਫੁੱਲ, ਹਸਦੇ ਬੱਚੇ, ਮਹਿਕਦੀ “ਵਾ,
ਪਏ ਹੁਣ ਕਾਲ਼ ਐਸੇ ਮੰਜ਼ਰਾਂ ਦੇ।
ਹਵਾਵਾਂ ਨਾਲ ਦੋ ਹੱਥ ਕਰਨਗੇ ਹੁਣ,
ਸਬਰ ਦੇ ਟੁੱਟ ਗਏ ਬੰਨ੍ਹ ਦੀਵਿਆਂ ਦੇ।
ਮਿਲੇ ਜਿੱਥੋਂ ਵੀ ਬੁਰਕੀ ਲਿਫਣ ਲੱਗੇਂ,
ਮੈਂ ਜਾਵਾਂ ਸਦਕੇ ਤੇਰੇ ਸਿਜਦਿਆਂ ਦੇ।
ਗਰਾਂ ਵਿਚ ਭਾਲਦੈਂ “ਕੁਲਵਿੰਦਰਾ” ਕੀ,
ਨ ਮੋਹ,ਨ “ਓਹ”,ਨਾ ਦਾਣੇ ਛੱਲੀਆਂ ਦੇ।
0 comments:
Post a Comment