Wednesday, September 18, 2013

 ਸ਼ੀਸ਼ਿਆਂ ਦੇ ਸਾਹਮਣੇ


ਉਹ   ਬੁੱਢੇ   ਹੋ  ਗਏ   ਲੋਕਾਂ  ਨੂੰ  ਸ਼ੀਸ਼ੇ   ਵੇਚਦੇ  ਹੋਏ
ਨਹੀਂ   ਪਰ  ਖੁਦ  ਕਦੇ  ਵੀ ਸ਼ੀਸ਼ਿਆਂ ਦੇ ਸਾਹਮਣੇ ਹੋਏ

ਸੁਲਗਦੀ   ਪਿਆਸ   ਲੈ   ਕੇ   ਪੱਤਣਾਂ  ਨੂੰ ਛਾਣਦੇ ਹੋਏ
ਅਸੀਂ  ਜਾਵਾਂਗੇ   ਬੱਦਲਾਂ  ਤੱਕ  ਵੀ  ਪਾਣੀ  ਭਾਲਦੇ ਹੋਏ

ਅਜੇ  ਕਲ੍ਹ  ਦੀ ਤਾਂ ਗੱਲ  ਹੈ ਢੂੰਡਦੇ ਰੋਟੀ ਸੀ ਸਾਡੇ ਵਾਂਗ
ਬੜੀ   ਛੇਤੀ    ਤੁਸੀਂ   ਪਰਤੇ  ਹੋ  ਕਿੱਥੋਂ,  ਆਫਰੇ  ਹੋਏ

ਬਿਨਾਂ  ਦੇਖੇ  ਉਹ  ਲੰਘੇ  ਮਸਲ  ਕੇ  ਪੈਰਾਂ   ਤਲੇ ਸਾਨੂੰ
ਮੁਸਾਫਰ ਤੋਂ  ਅਸੀਂ  ਰਸਤੇ  ਸੀ   ਜਿੰਨ੍ਹਾਂ   ਵਾਸਤੇ   ਹੋਏ

ਇਹ  ਲੋਕੀਂ  ਹੋਣਗੇ  ਮੂਰਖ  ਜਾਂ  ਫਿਰ  ਸ਼ਾਤਰ ਬੜੇ ਹੋਣੇ
ਜੋ   ਨਿੰਦਾ   ਅੱਗ   ਦੀ   ਕਰਦੇ  ਨੇ  ਧੂਣੀ  ਸੇਕਦੇ  ਹੋਏ

ਮਸਲਦੇ ਰੋਜ਼ ਉਹ ਕਲੀਆਂ ਤਾਂ ਸਭ ਕੁਝ ਆਮ ਵਾਂਗਰ ਹੈ
ਤੇ  ਆਪਾਂ   ਫੁੱਲ   ਵੀ   ਛੋਹੇ   ਤਾਂ   ਵੱਡੇ   ਹਾਦਸੇ  ਹੋਏ

ਦਿਖਾਈਂ ਅਕਸ ਉਹ  ਸਾਡਾ  ਜੋ ਸੋਹਣਾ  ਹੈ  ਲੁਭਾਊ  ਹੈ
ਉਹ  ਸ਼ੀਸ਼ੇ  ਨੂੰ  ਹੁਕਮ  ਦਿੰਦੇ  ਨੇ  ਸ਼ੀਸ਼ਾ   ਦੇਖਦੇ  ਹੋਏ


ਮੇਰੇ  ਹੱਥਾਂ  ਜੇ  ਅੱਜ  ਤੇਗ਼  ਹੈ  ਤਾਂ  ਗ਼ਲਤ ਕੀ ਹੋਇਆ

ਬੜਾ ਹੀ ਵਕਤ ਹੈ ਕੱਟਿਆ  ਮੈਂ  ਯੁੱਧ  ਨੂੰ  ਟਾਲਦੇ  ਹੋਏ

No comments:

Post a Comment