ਕਲ੍ਹ ਜਿਨ੍ਹਾਂ ਨੂੰ

ਕਲ੍ਹ ਜਿਨ੍ਹਾਂ ਨੂੰ ਰੋਟੀ ਨਾ ਬਸਤਰ ਮਿਲੇ।
ਅੱਜ ਉਨ੍ਹਾਂ ਦੇ ਹੱਥਾਂ ਚੋਂ ਸ਼ਸਤਰ ਮਿਲੇ।
ਲਾਜ਼ਮੀ ਉਸ ਵਿੱਚੋਂ ਦੁੱਲਾ ਜਨਮਦੈ,
ਜਿਹੜੀ ਜੂਹ ਨੂੰ ਰੌਂਦ ਕੇ ਅਕਬਰ ਮਿਲੇ।
ਆਏ ਸੀ ਲੱਖ ਵਾਰ ਅਸੀਂ ਮਰਹਮ ਲਈ,
ਪਰ ਤੇਰੇ ਦਰ ਤੋਂ ਸਦਾ ਨਸ਼ਤਰ ਮਿਲੇ।
ਬਿਖੜਾ ਪੈਂਡਾ ਪਰ ਅਸਾਂ ਰੁਕਣਾ ਨਹੀਂ,
ਰਾਹਾਂ ਵਿਚ ਨਦੀਆਂ ਨੂੰ ਕਦ ਸਾਗਰ ਮਿਲੇ।
ਮੁਰਦਿਆਂ ਦੇ ਉੱਤੋਂ ਕੱਫਣ ਲਾਹ ਦਿਓ,
ਜਿਉਦਿਆਂ ਤਾਈਂ ਤਾਂ ਇਕ ਚਾਦਰ ਮਿਲੇ।
ਉਹ ਉਦਾਸੀ ਤੇ ਤੁਰੇ ਏਹ ਸੋਚ ਕੇ,
ਕਿਸ ਦਿਸ਼ਾ ਜਾਈਏ ਕਿ ਨਾ ਬਾਬਰ ਮਿਲੇ।
ਰੌਸ਼ਨੀ ਜਦ ਸੂਹੀ ਰਾਹੋਂ ਭਟਕ ਗਈ,
ਵਕਤ ਦੇ ਰਹਿਬਰ ਬਣੇ ਹਿਟਲਰ ਮਿਲੇ।
ਪੈਰਾਂ ਵਿਚ ਪਗੜੀ ਕਿਸੇ ਦੀ ਰੋਲ਼ਕੇ,
ਸੀਸ ਤੇਰੇ ਨੂੰ ਕਿਵੇਂ ਆਦਰ ਮਿਲੇ?
No comments:
Post a Comment