ਬਰਸਿਆ ਏ ਮੀਂਹ
ਬਰਸਿਆ ਏ ਮੀਂਹ ਰੰਗੀਲੇ ਕਾਗਜ਼ਾਂ ਦੀ ਜ਼ਹਿਰ ਦਾ।
ਵਿੱਚੋ ਵਿੱਚੀ ਮਰ ਗਿਆ ਹਰ ਬੰਦਾ ਮੇਰੇ ਸ਼ਹਿਰ ਦਾ।
ਪਿਆਸ ਮੇਰੀ ਦੇਖ ਕੇ ਉਹ ਝੀਲ ਰੇਤਾ ਹੋ ਗਈ,
ਤੁਰ ਪਿਆ ਹੋ ਨਿੰਮੋਝੂ੍ਣਾ ਕੀ ਮੈਂ ਉੱਥੇ ਠਹਿਰਦਾ।
ਪੈਰ ਭਿੱਜਣ ਦੇ ਡਰੋਂ ਸਾਗਰ ਦੇ ਨੇਡ਼ੇ ਜਾਣ ਨਾ,
ਦੂਰ ਤੋਂ ਖਡ਼ਕੇ ਹੀ ਉਹ ਤਕਦੇ ਨਜ਼ਾਰਾ ਲਹਿਰ ਦਾ।
ਮੂੰਹ ਹਨੇਰੇ ਆਈਆਂ ਸੀ ਪੁਲ਼ ਉੱਤੇ ਖਾਕੀ ਵਰਦੀਆਂ,
ਚੀਕ ਸੁਣ ਮਾਸੂਮ ਦੀ ਕੰਬਿਆ ਸੀ ਪਾਣੀ ਨਹਿਰ ਦਾ।
ਭੋਗ ਕੇ ਅਪਣੀ ਉਮਰ ਪੀਲ਼ਾ ਜੋ ਪੱਤਾ ਹੋ ਗਿਆ,
ਕਿੰਨੀ ਵੀ ਕੋਸ਼ਸ਼ ਕਰੋ ਇਹ ਘਡ਼ੀ ਜਾਂ ਪਹਿਰ ਦਾ।
ਦਿਲ ਤੇ ਘਰ ਨੂੰ ਰੱਖ ਸੁੱਚੇ, ਸਾਫ ਤੇ ਅਪਣੱਤ ਭਰੇ,
ਕੂਡ਼ ਦੇ ਅੰਦਰ ਹੈ ਤਾਂ ਕੋਈ ਨਾ ਆ ਕੇ ਠਹਿਰਦਾ।

0 comments:
Post a Comment