ਬਦਲਦੇ ਸਮਿਆਂ ਚ
ਬਦਲਦੇ ਸਮਿਆਂ ਚ ਕਿੱਦਾਂ ਬਦਲਦੇ ਸਭ ਰੰਗ ਦੇਖ।
ਵਾਰ ਕਰਦੇ ਜਿਸਮ ਤੇ ਹੁਣ ਆਪਣੇ ਹੀ ਅੰਗ ਦੇਖ।
ਮੁੜ ਵੀ ਆ ਹੁਣ ਸਿੱਕਿਆਂ ਦਾ ਲੋਭ ਛਡ ਕੇ ਸੋਹਣਿਆ,
ਘਰ ਪਿਘਲਦਾ ਚੰਨ, ਚੁਪ ਝਾਂਜਰ, ਤਿੜਕਦੀ ਵੰਗ ਦੇਖ।
ਮੈਂ ਕਦੋਂ ਸੀ ਆਖਿਆ ਨਾ ਖੁਸ਼ਬੂਆਂ ਦਾ ਜ਼ਿਕਰ ਕਰ,
ਟੁਟਦਿਆਂ ਫੁੱਲਾਂ ਨੂੰ ਵੀ ਪਰ ਖਿੜਦਿਆਂ ਦੇ ਸੰਗ ਦੇਖ।
ਲੈ ਚਲ ਅਪਣੀ ਕਲਮ ਨੂੰ ਦਿੱਲੀ ਕਦੇ ਗੁਜਰਾਤ ਵੀ,
ਪਰਤ ਹੁਣ ਭੰਬੋਰ ਤੋਂ, ਨਾ ਵਾਰੀ ਵਾਰੀ ਝੰਗ ਦੇਖ।
ਇਸ ਤਰਾਂ ਦੇ ਅੰਬਰਾਂ ਨੂੰ ਰਾਖ ਕਰ ਦੇਈਏ ਚਲੋ
ਤਾੜੀਆਂ ਮਾਰਨ ਜੋ ਝੜਦੇ ਘੁੱਗੀਆਂ ਦੇ ਫੰਘ ਦੇਖ
ਕਾਤਲਾਂ ਦੇ ਚਿਹਰਿਆਂ
ਦੀ
ਹੋਰ ਪੀਲਕ ਵਧ ਗਈ,
ਹੋਰ ਸੂਹਾ ਹੋ ਰਿਹਾ ਸਾਡੇ ਲਹੂ ਦਾ ਰੰਗ ਦੇਖ।
ਬਾਂਦਰਾਂ ਵੀ ਹੁਣ ਸ਼ੁਰੂ ਕਰਨੀ ਹੈ ਯਾਰੋ ਗੋਸ਼ਟੀ
ਹੋ ਰਹੇ ਮਸ਼ਹੂਰ ਲੇਖਕ ਫਲਸਫੇ ਤੋਂ ਨੰਗ ਦੇਖ।
No comments:
Post a Comment