ਪਿਆਲਾ ਜ਼ਹਿਰ ਦਾ
ਪਿਆਲਾ ਜ਼ਹਿਰ ਦਾ ਜੋ ਯਾਰ ਨੇ ਹੋਂਠਾਂ ਨੂੰ ਲਾ ਦਿੱਤਾ ।
ਅਸੀਂ ਕਬਰਾਂ ਦੇ ਵਾਸੀ ਸਾਂ ਉਹਨੇ ਜੀਣਾ ਸਿਖਾ ਦਿੱਤਾ।
ਕਿਹਾ ਉਸਨੇ ਜੋ ਮੂੰਹ ਆਇਆ, ਜੋ ਹੱਥ ਆਇਆ ਵਗਾਹ ਦਿੱਤਾ।
ਅਚਨਚੇਤੀ ਹੀ ਮੈਂ ਉਸਨੂੰ ਜਦੋਂ ਸ਼ੀਸ਼ਾ ਦਿਖਾ ਦਿੱਤਾ।
ਜਿਨ੍ਹਾਂ ਨੂੰ ਆਪਣੇ ਪਰ ਦੇ ਕੇ ਮੈਂ ਅੰਬਰ ਚਡ਼੍ਹਾਇਆ ਸੀ,
ਉਨ੍ਹਾਂ ਮੈਂਨੂੰ ਤਾਂ ਕੀ ਧਰਤੀ ਨੂੰ ਵੀ ਗੂਠਾ ਦਿਖਾ ਦਿੱਤਾ।
ਓ ਬੁੱਤਘਾੜੇ ਤੂੰ ਇਸ ਪੱਥਰ ਨੂੰ ਕੀ ਤੋਂ ਕੀ ਬਣਾ ਧਰਿਐ,
ਕਿ ਇਸਨੇ ਝੁਕ ਰਹੇ ਹਰ ਸੀਸ ਨੂੰ ਪੱਥਰ ਬਣਾ ਦਿੱਤਾ।
ਮੈਂ ਇਸ ਨਿਜ਼ਾਮ ਤੋਂ ਰੋਜ਼ੀ ਇਲਮ ਤੇ ਸਿਹਤ ਮੰਗੇ ਸਨ,
ਮੇਰੇ ਹੱਥੀਂ ਇਹਨੇ ਖੰਜਰ ਕਦੇ ਠੂਠਾ ਫਡ਼ਾ ਦਿੱਤਾ।
ਇਹ ਸਾਹਵੇਂ ਕਤਲ ਹੁੰਦਾ ਦੇਖ ਵੀ ਕੁਸਕਦਾ ਤਕ ਨਈਂ,
ਐ ਮੇਰੇ ਰਹਿਬਰੋ ਮੈਨੂੰ ਤੁਸੀਂ ਕੈਸਾ ਖ਼ੁਦਾ ਦਿੱਤਾ।
ਅਲੂੰਏ ਜ਼ਖ਼ਮਾਂ ਦੀ ਇਹ ਪੀੜ ਜੋ ਸ਼ੇਅਰਾਂ ਚ ਢਲ਼ਦੀ ਹੈ,
ਇਹਨੂੰ ਜੇ ਖੋ ਲਿਆ ਸਮਝੋ ਮੈਂ ਖ਼ੁਦ ਨੂੰ ਹੀ ਗੁਆ ਦਿੱਤਾ।

